1. ਮੁੱਖ ਪੰਨਾ
  2. ਸਮਾਜ

ਵ੍ਹਾਈਟ ਰੌਕ ਬੀਚ ‘ਤੇ ਘਾਤਕ ਛੁਰੇਬਾਜ਼ੀ ਦੇ ਮਾਮਲੇ ਵਿਚ ਪੁਲਿਸ ਨੇ ਕੀਤੀ ਗ੍ਰਿਫ਼ਤਾਰੀ

ਛੁਰੇਬਾਜ਼ੀ ਵਿਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ ਦੀ ਮੌਤ ਹੋ ਗਈ ਸੀ

ਕੁਲਵਿੰਦਰ ਸਿੰਘ ਸੋਹੀ

ਪਿਛਲੇ ਹਫ਼ਤੇ ਵ੍ਹਾਈਟ ਰੌਕ ਵਿਚ ਇੱਕ ਛੁਰੇਬਾਜ਼ੀ ਵਿਚ ਕੁਲਵਿੰਦਰ ਸਿੰਘ ਸੋਹੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਤਸਵੀਰ: (Submitted by Gagan Singh)

RCI

ਪਿਛਲੇ ਹਫਤੇ ਵ੍ਹਾਈਟ ਰੌਕ ਬੀਚ ਨੇੜੇ ਇੱਕ ਘਾਤਕ ਛੁਰੇਬਾਜ਼ੀ ਦੇ ਸਬੰਧ ਵਿੱਚ ਪੁਲਿਸ ਨੇ ਇੱਕ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰੀ, ਬੀ.ਸੀ. ਦੇ ਰਹਿਣ ਵਾਲੇ ਮਸ਼ਕੂਕ ਨੂੰ 26 ਸਾਲ ਦੇ ਕੁਲਵਿੰਦਰ ਸਿੰਘ ਸੋਹੀ ਦੀ ਹੱਤਿਆ ਦੇ ਮਾਮਲੇ ਵਿੱਚ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਪਿਛਲੇ ਮੰਗਲਵਾਰ ਨੂੰ ਵਾਟਰਫ਼੍ਰੰਟ ਦੇ ਲਾਗੇ ਕੁਲਵਿੰਦਰ ਸਿੰਘ ਸੋਹੀ ਨੂੰ ਚਾਕੂ ਮਾਰਿਆ ਗਿਆ ਸੀ। ਇਹ ਘਟਨਾ ਪਿਛਲੇ ਤਿੰਨ ਦਿਨਾਂ ਵਿਚ ਛੁਰੇਬਾਜ਼ੀ ਦੀ ਦੂਜੀ ਘਟਨਾ ਸੀ।

ਸਾਰਜੈਂਟ ਟਿਮੋਥੀ ਪੀਅਰੌਟੀ ਨੇ ਕਿਹਾ ਕਿ ਇਹ ਮਾਮਲਾ ਸਰਗਰਮੀ ਨਾਲ ਜਾਂਚ ਅਧੀਨ ਹੈ।

ਉਨ੍ਹਾਂ ਕਿਹਾ, ਅਸੀਂ ਸੁਰੱਖਿਆ ਨੂੰ ਲੈਕੇ ਲੋਕਾਂ ਦੀ ਚਿੰਤਾ ਨੂੰ ਸਮਝਦੇ ਹਾਂ ਅਤੇ ਜਲਦੀ ਤੋ ਜਲਦੀ ਅਪਡੇਟ ਦੇਣਾ ਚਾਹੁੰਦੇ ਹਾਂ

ਵ੍ਹਾਈਟ ਰੌਕ ਆਰਸੀਐਮਪੀ ਨੇ ਦੱਸਿਆ ਸੀ ਕਿ ਉਹਨਾਂ ਨੂੰ ਰਾਤ 9:30 ਵਜੇ ਦੇ ਕਰੀਬ ਇਕ ਵਿਅਕਤੀ ਦੇ ਚਾਕੂ ਨਾਲ ਜ਼ਖ਼ਮੀ ਹੋਣ ਦੀ ਰਿਪੋਰਟ ਮਿਲੀ ਸੀ।

ਜਾਂਚਕਰਤਾਵਾਂ ਨੇ ਕਿਹਾ ਕਿ ਚਸ਼ਮਦੀਦਾਂ ਨੇ ਉਹਨਾਂ ਨੂੰ ਦੱਸਿਆ ਕਿ ਪੀੜਤ ਅਤੇ ਸ਼ੱਕੀ ਦਰਮਿਆਨ ਝਗੜਾ ਹੁੰਦਾ ਨਜ਼ਰ ਆਇਆ ਸੀ ਤੇ ਫਿਰ ਪੀੜਤ ਸ਼ੱਕੀ ਦਾ ਪਿੱਛਾ ਕਰਨ ਲੱਗਾ, ਪਰ ਫਿਰ ਪੀੜਤ ਗਿਰ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।

ਸੋਹੀ ਦੇ ਦੋਸਤ ਅਤੇ ਸਾਬਕਾ ਰੂਮਮੇਟ ਗਗਨ ਸਿੰਘ, ਨੇ ਦੱਸਿਆ ਸੀ ਕਿ ਕੁਲਵਿੰਦਰ ਸੋਹੀ 2018 ਵਿਚ ਕੈਨੇਡਾ ਆਇਆ ਸੀ ਅਤੇ ਪੇਸ਼ੇ ਵੱਜੋਂ ਉਹ ਇੱਕ ਪਲੰਬਰ ਸੀ ਜਿਸਨੇ ਹਾਲ ਹੀ ਵਿੱਚ ਰੈੱਡ ਸੀਲ ਸਰਟੀਫਿਕੇਟ ਪ੍ਰਾਪਤ ਕੀਤਾ ਸੀ।

ਸੋਹੀ ਦੀ ਮੌਤ ਤੋਂ ਬਾਅਦ ਵ੍ਹਾਈਟ ਰੌਕ ਇਲਾਕੇ ਵਿਚ ਲੋਕਾਂ ਅੰਦਰ ਸੁਰੱਖਿਆ ਨੂੰ ਲੈਕੇ ਖ਼ਦਸ਼ੇ ਪੈਦਾ ਹੋ ਗਏ ਹਨ।

ਸੋਹੀ ਨਾਲ ਵਾਪਰੀ ਘਟਨਾ ਤੋਂ 2 ਦਿਨ ਪਹਿਲਾਂ 28 ਸਾਲ ਦੇ ਜਤਿੰਦਰ ਸਿੰਘ ਦੀ ਗਰਦਨ ‘ਤੇ ਚਾਕੂ ਨਾਲ ਹਮਲਾ ਹੋਇਆ ਸੀ। ਜਤਿੰਦਰ ਆਪਣੀ ਪਤਨੀ ਮਨਪ੍ਰੀਤ ਨਾਲ ਬੈਂਚ ‘ਤੇ ਬੈਠਾ ਸੀ। ਇਸ ਹਮਲੇ ਵਿਚ ਜਤਿੰਦਰ ਦੀ ਜਾਨ ਬਚ ਗਈ।

ਐਤਵਾਰ ਨੂੰ ਕੁਲਵਿੰਦਰ ਸੋਹੀ ਦੀ ਯਾਦ ਵਿਚ ਆਯੋਜਿਤ ਵਿਜਿਲ ਵਿਚ 100 ਤੋਂ ਵੱਧ ਲੋਕ ਸ਼ਾਮਲ ਹੋਏ।

ਐਤਵਾਰ ਨੂੰ ਕੁਲਵਿੰਦਰ ਸੋਹੀ ਦੀ ਯਾਦ ਵਿਚ ਆਯੋਜਿਤ ਵਿਜਿਲ ਵਿਚ 100 ਤੋਂ ਵੱਧ ਲੋਕ ਸ਼ਾਮਲ ਹੋਏ।

ਤਸਵੀਰ: CBC News

ਲੰਘੇ ਐਤਵਾਰ ਨੂੰ ਕੁਲਵਿੰਦਰ ਦੇ ਕਰੀਬੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਵ੍ਹਾਈਟ ਰੌਕ ਵਿੱਖੇ ਇੱਕ ਵਿਜਿਲ ਦਾ ਆਯੋਜਨ ਕੀਤਾ। ਕੁਲਵਿੰਦਰ ਸੋਹੀ ਦੇ ਭਰਾ, ਗੁਰਲੀਨ ਸੋਹੀ ਨੇ ਸੀਬੀਸੀ ਨਿਊਜ਼ ਨਾਲ ਗੱਲ ਕਰਦਿਆਂ ਕਿਹਾ, ਸਾਨੂੰ ਮੇਰੇ ਭਰਾ ਲਈ ਇਨਸਾਫ਼ ਚਾਹੀਦਾ ਹੈ। ਇਹ ਦੁਬਾਰਾ ਨਹੀਂ ਵਾਪਰਨਾ ਚਾਹੀਦਾ

ਗੁਰਲੀਨ ਨੇ ਕਿਹਾ ਕਿ ਪੁਲਿਸ ਨੂੰ 21 ਅਪ੍ਰੈਲ ਦੀ ਘਟਨਾ ਤੋਂ ਬਾਅਦ ਹੀ ਇਲਾਕੇ ਵਿਚ ਗਸ਼ਤ ਵਧਾਉਣੀ ਚਾਹੀਦੀ ਸੀ।

ਗੁਰਲੀਨ ਨੇ ਆਰਸੀਐਮਪੀ ਦੇ ਉਸ ਬਿਆਨ ਨਾਲ ਵੀ ਮਤਭੇਦ ਪ੍ਰਗਟਾਇਆ ਜਿਸ ਵਿਚ ਕਿਹਾ ਗਿਆ ਹੈ ਕਿ ਉਸਦੇ ਭਰਾ ਦਾ ਸ਼ੱਕੀ ਨਾਲ ਝਗੜਾ ਹੋਇਆ ਸੀ ਅਤੇ ਉਸਨੇ ਛੁਰੇਬਾਜ਼ੀ ਤੋਂ ਪਹਿਲਾਂ ਸ਼ੱਕੀ ਦਾ ਪਿੱਛਾ ਕੀਤਾ ਹੋ ਸਕਦਾ ਹੈ। ਗੁਰਲੀਨ ਨੇ ਕਿਹਾ ਕਿ ਕੁਲਵਿੰਦਰ ਦੇ ਇੱਕ ਦੋਸਤ, ਜਿਹੜਾ ਉਸ ਦਿਨ ਉਸਦੇ ਨਾਲ ਸੀ, ਦੇ ਮੁਤਾਬਕ ਇਹ ਸੱਚ ਨਹੀਂ ਹੈ।

ਵ੍ਹਾਈਟ ਰੌਕ ਦੀ ਮੇਅਰ ਮੇਗਨ ਨਾਈਟ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਛੁਰੇਬਾਜ਼ੀ ਦੀਆਂ ਵਾਰਦਾਤਾਂ ਨੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਸੋਹੀ ਦੀ ਮੌਤ ਤੋਂ ਬਾਅਦ, ਵ੍ਹਾਈਟ ਰੌਕ ਆਰਸੀਐਮਪੀ ਨੇ ਕਿਹਾ ਸੀ ਕਿ ਉਹ ਇਲਾਕੇ ਵਿਚ ਗਸ਼ਤ ਵਧਾ ਰਹੇ ਹਨ।

ਸੋਮਵਾਰ ਨੂੰ ਸਾਰਜੈਂਟ ਪੀਅਰੌਟੀ ਨੇ ਕਿਹਾ ਕਿ ਪਿਛਲੇ ਮੰਗਲਵਾਰ ਜਿਹੜਾ ਵਿਅਕਤੀ ਵੀ ਰਾਤੀਂ 8 ਤੋਂ 10 ਵਜੇ ਦੇ ਵਿਚਕਾਰ ਘਟਨਾ ਵਾਲੇ ਇਲਾਕੇ ਵਿਚ ਸੀ ਅਤੇ ਉਸ ਕੋਲ ਕੋਈ ਵੀਡੀਓ ਜਾਂ ਡੈਸ਼ਕੈਮ ਫੁਟੇਜ ਹੋਵੇ ਤਾਂ ਉਹ ਤੁਰੰਤ ਜਾਂਚ ਅਧਿਕਾਰੀਆਂ ਨਾਲ ਸਾਂਝੀ ਕਰੇ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ