1. ਮੁੱਖ ਪੰਨਾ
  2. ਅਰਥ-ਵਿਵਸਥਾ

ਚੋਰੀਆਂ ਅਤੇ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕਈ ਸਟੋਰਾਂ ਨੇ ਸੈਲਫ-ਚੈੱਕਆਊਟ ਤਿਆਗਿਆ

ਕਈ ਵੱਡੀਆਂ ਕੰਪਨੀਆਂ ਨੇ ਕੀਤੀ ਤਬਦੀਲੀ

ਮੈਂਚੈਸਟਰ ਦੀ ਇੱਕ ਸੁਪਰਮਾਰਕੀਟ ਵਿਚ ਸੈਲਫ਼-ਚੈੱਕਆਊਟ ਲਈ ਲੱਗੇ ਬੋਰਡਾਂ ਦੀ ਤਸਵੀਰ। ਕੈਨੇਡਾ ਵਿਚ ਕਈ ਰਿਟੇਲ ਸਟੋਰ ਸੈਲਫ਼-ਚੈੱਕਆਊਟ ਤੋਂ ਪਾਸੇ ਹੋ ਰਹੇ ਹਨ।

ਮੈਂਚੈਸਟਰ ਦੀ ਇੱਕ ਸੁਪਰਮਾਰਕੀਟ ਵਿਚ ਸੈਲਫ਼-ਚੈੱਕਆਊਟ ਲਈ ਲੱਗੇ ਬੋਰਡਾਂ ਦੀ ਤਸਵੀਰ। ਕੈਨੇਡਾ ਵਿਚ ਕਈ ਰਿਟੇਲ ਸਟੋਰ ਸੈਲਫ਼-ਚੈੱਕਆਊਟ ਤੋਂ ਪਾਸੇ ਹੋ ਰਹੇ ਹਨ।

ਤਸਵੀਰ: Associated Press / Jessica Hill

RCI

ਸਾਲ 2020 ਵਿਚ ਵਾਲਮਾਰਟ ਨੇ ਕੈਸ਼ੀਅਰ ਮੁਕਤ, ਮੁਕੰਮਲ ਸੈਲਫ਼-ਚੈੱਕਆਊਟ ਪ੍ਰਣਾਲੀ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ। 

ਪਹਿਲਾਂ ਅਮਰੀਕਾ ਵਿਚ ਅਤੇ ਫਿਰ ਕੈਨੇਡਾ ਵਿਚ ਇਸਨੂੰ ਲਾਂਚ ਕੀਤਾ ਗਿਆ ਸੀ, ਪਰ ਇਹ ਪਾਇਲਟ ਪ੍ਰੋਜੈਕਟ ਬਹੁਤਾ ਕਾਮਯਾਬ ਹੋਇਆ ਨਹੀਂ ਜਾਪਦਾ। ਵਾਲਮਾਰਟ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਹਾਲ ਦੀ ਘੜੀ, ਕੈਨੇਡਾ ਅਤੇ ਅਮਰੀਕਾ ਭਰ ਵਿਚ ਸਿਰਫ਼ ਇਕ ਹੀ ਵਾਲਮਾਰਟ ਸਟੋਰ ਹੈ ਜਿੱਥੇ ਬਿਨਾ ਕੈਸ਼ੀਅਰ ਦੇ ਸਾਰਾ ਕੁਝ ਸੈਲਫ਼-ਚੈੱਕਆਊਟ ‘ਤੇ ਨਿਰਭਰ ਹੈ। ਇਹ ਵਾਲਮਾਰਟ ਕਿਉਬੈਕ ਦੇ ਸੇਂਟ ਅਗਾਥੇ-ਡੇਸ-ਮੌਂਟਸ ਵਿਚ ਸਥਿਤ ਹੈ।

ਪਿਛਲੇ ਅੱਠ ਮਹੀਨਿਆਂ ਦੌਰਾਨ, ਵਾਲਮਾਰਟ ਨੇ ਅਮਰੀਕਾ ਵਿਚ ਆਪਣੀਆਂ ਛੇ ਲੋਕੇਸ਼ਨਾਂ ਤੋਂ ਸਾਰੀਆਂ ਸੈਲਫ਼-ਚੈੱਕਆਊਟ ਮਸ਼ੀਨਾਂ ਹਟਾ ਦਿੱਤੀਆਂ ਹਨ। ਵਾਲਮਾਰਟ ਵਰਗੇ ਹੋਰ ਵੀ ਕਈ ਵੱਡੇ ਸਟੋਰਾਂ ਨੇ ਸੈਲਫ਼-ਚੈੱਕਆਊਟ ਮਸ਼ੀਨਾਂ ਤੋਂ ਕਿਨਾਰਾ ਕਰ ਲਿਆ ਹੈ ਅਤੇ ਓਨਟੇਰਿਓ ਦੇ ਸਟ੍ਰੈਟਫ਼ਰਡ ਵਿਚ ਸਥਿਤ ਜਾਇੰਟ ਟਾਈਗਰ ਸਟੋਰ ਇਸ ਦੀ ਤਾਜ਼ਾ ਮਿਸਾਲ ਹੈ।

ਸਮਾਜ-ਵਿਗਿਆਨੀ ਅਤੇ ਸੈਲਫ਼-ਚੈੱਕਆਊਟ ਪ੍ਰਣਾਲੀ ਬਾਰੇ ਕਿਤਾਬ ਦੇ ਲੇਖਕ, ਕ੍ਰਿਸਟੋਫ਼ਰ ਐਂਡਰੂਜ਼ ਦਾ ਕਹਿਣਾ ਹੈ ਕਿ ਸਟੋਰਾਂ ਨੂੰ ਉਮੀਦ ਸੀ ਕਿ ਇਹ ਟੈਕਨੋਲੌਜੀ ਉਨ੍ਹਾਂ ਦੀ ਲੇਬਰ ਲਾਗਤ ਨੂੰ ਘਟਾਉਣ ਵਿਚ ਮਦਦ ਕਰੇਗੀ, ਪਰ ਲਾਗਤ ਘਟਾਉਣ ਦੀ ਬਜਾਏ, ਚੋਰੀਆਂ ਕਰਕੇ, ਉਨ੍ਹਾਂ ਨੂੰ ਨੁਕਸਾਨ ਹੋ ਰਿਹੈ।

ਮੇਰਾ ਮੰਨਣਾ ਹੈ ਕਿ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਹ ਇੱਕ ਆਰਥਿਕ ਬੋਝ ਬਣ ਗਿਆ ਹੈ

ਸਾਲ 2020 ਵਿਚ ਅਮਰੀਕਾ ਦੇ ਫ਼ੇਯਟਵਿਲ ਵਿਚ ਸਥਿਤ ਇਸ ਵਾਲਮਾਰਟ ਨੂੰ ਕੈਸ਼ੀਅਰ ਮੁਕਤ ਬਣਾਕੇ 34 ਸੈਲਫ਼-ਚੈੱਕਆਊਟ ਮਸ਼ੀਨਾਂ ਲਾਈਆਂ ਗਈਆਂ ਸਨ।

ਸਾਲ 2020 ਵਿਚ ਅਮਰੀਕਾ ਦੇ ਫ਼ੇਯਟਵਿਲ ਵਿਚ ਸਥਿਤ ਇਸ ਵਾਲਮਾਰਟ ਨੂੰ ਕੈਸ਼ੀਅਰ ਮੁਕਤ ਬਣਾਕੇ 34 ਸੈਲਫ਼-ਚੈੱਕਆਊਟ ਮਸ਼ੀਨਾਂ ਲਾਈਆਂ ਗਈਆਂ ਸਨ।

ਤਸਵੀਰ: (U.S. Walmart)

ਮਸ਼ੀਨਾਂ ਕੋਲ ਵੀ ਸਟਾਫ਼ ਦੀ ਲੋੜ

ਦੋ ਹਫ਼ਤੇ ਪਹਿਲਾਂ ਓਨਟੇਰਿਓ ਦੇ ਸਟ੍ਰੈਟਫ਼ੋਰਡ ਵਿਚ ਜਾਇੰਟ ਟਾਈਗਰ ਡਿਸਕਾਊਂਟ ਸਟੋਰ ਦੇ ਫ਼੍ਰੈਂਚਾਈਜ਼ ਮਾਲਿਕ, ਸਕੌਟ ਸੈਵੇਜ ਨੇ ਆਪਣੇ ਸਟੋਰ ਚੋਂ 4 ਸੈਲਫ਼-ਚੈੱਕਆਊਟ ਮਸ਼ੀਨਾਂ ਨੂੰ ਹਟਾ ਦਿੱਤਾ।

ਸਕੌਟ ਦਾ ਕਹਿਣਾ ਹੈ ਕਿ ਚੋਰੀਆਂ ਦੀ ਬਜਾਏ, ਉਸਨੇ ਮਸ਼ੀਨਾਂ ਤਾਂ ਹਟਾਈਆਂ ਹਨ ਕਿਉਂਕਿ ਬਜ਼ੁਰਗ ਗਾਹਕਾਂ ਨੂੰ ਮਸ਼ੀਨਾਂ ਪਸੰਦ ਨਹੀਂ। ਬਜ਼ੁਰਗਾਂ ਨੂੰ ਸੈਲਫ਼-ਚੈੱਕਆਊਟ ਦੀਆਂ ਲਾਈਨਾਂ ਵਿਚ ਲੱਗਣਾ ਪਸੰਦ ਨਹੀਂ, ਅਤੇ ਉਹ ਕੈਸ਼ ਕਾਊਂਟਰ ‘ਤੇ ਭੁਗਤਾਨ ਕਰਨ ਨੂੰ ਤਰਜੀਹ ਦਿੰਦੇ ਹਨ।

ਓਨਟੇਰਿਓ ਵਿਚ ਕੈਨੇਡੀਅਨ ਟਾਇਰ ਦੀਆਂ ਘੱਟੋ ਘੱਟ 6 ਲੋਕੇਸ਼ਨਾਂ ਨੇ ਸੈਲਫ਼-ਚੈੱਕਆਊਟ ਬੰਦ ਕਰ ਦਿੱਤਾ ਹੈ। ਦੋ ਫ਼੍ਰੈਂਚਾਈਜ਼ ਮਾਲਕਾਂ ਨੇ ਸੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਹ ਤਬਦੀਲੀ ਤਾਂ ਕੀਤੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਇਸ ਨਾਲ ਗਾਹਕ ਸੇਵਾ ਬਿਹਤਰ ਹੋਵੇਗੀ।

ਪਰ ਐਂਡਰੂਜ਼ ਦਾ ਕਹਿਣਾ ਹੈ ਕਿ ਇਕੱਲੀ ਚੋਰੀ ਦੀ ਸਮੱਸਿਆ ਨਹੀਂ, ਸਗੋਂ ਸਟਾਫ਼ ਦੀ ਜ਼ਰੂਰਤ ਕਰਕੇ ਵੀ ਕੰਪਨੀਆਂ ਸੈਲਫ਼ ਚੈੱਕਆਊਟ ਤੋਂ ਕਿਨਾਰਾ ਕਰ ਰਹੀਆਂ ਹਨ। ਮਸ਼ੀਨਾਂ ’ਤੇ ਖੜੇ ਗਾਹਕਾਂ ਦੀ ਮਦਦ ਲਈ ਸਟਾਫ਼ ਦੀ ਵੀ ਜ਼ਰੂਰਤ ਪੈਂਦੀ ਹੈ, ਜਿਹੜੇ ਕਿ ਨਾਲ ਹੀ ਚੋਰਾਂ ’ਤੇ ਵੀ ਨਿਗਾਹ ਰੱਖ ਰਹੇ ਹੁੰਦੇ ਹਨ।

ਐਂਡਰੂਜ਼ ਅਨੁਸਾਰ, ਸੈਲਫ਼-ਚੈਕਆਊਟ ਨੇ ਬਹੁਤੇ ਕੈਸ਼ੀਅਰਾਂ ਦੀ ਲੋੜ ਨੂੰ ਨਹੀਂ ਘਟਾਇਆ, ਕਿਉਂਕਿ ਮਸ਼ੀਨਾਂ ਕੋਲ ਸਟਾਫ਼ ਖੜੇ ਕਰਨ ਦੀ ਵੀ ਜ਼ਰੂਰਤ ਹੁੰਦੀ ਹੈ ਜਿਹੜੇ ਚੋਰੀ ਰੋਕਣ ਲਈ ਚੋਰਾਂ ’ਤੇ ਨਜ਼ਰ ਰੱਖਣ।

ਬਹੁਤ ਸਾਰੇ ਅਧਿਐਨਾਂ ਵਿਚ ਸਾਹਮਣੇ ਆਇਆ ਹੈ ਕਿ ਸੈਲਫ਼-ਚੈੱਕਆਊਟ ‘ਤੇ ਹੁੰਦੀ ਚੋਰੀ ਇੱਕ ਸਮੱਸਿਆ ਜ਼ਰੂਰ ਹੈ, ਹਾਲਾਂਕਿ ਰਿਟੇਲਰਾਂ ਨੇ ਜਨਤਕ ਤੌਰ ‘ਤੇ ਕੋਈ ਠੋਸ ਡਾਟਾ ਨਸ਼ਰ ਨਹੀਂ ਕੀਤਾ ਹੈ।

ਰਿਟੇਲ ਕੌਂਸਲ ਔਫ਼ ਕੈਨੇਡਾ ਨੇ ਆਪਣੀ ਸਮੀਖਿਆ ਵਿਚ ਪਾਇਆ ਹੈ ਕਿ ਸੈਲਫ਼-ਚੈੱਕਆਊਟ ‘ਤੇ ਹੁੰਦੀਆਂ ਚੋਰੀਆਂ ਵਿਚ ਵਾਧਾ ਹੋ ਰਿਹਾ ਹੈ।

ਕੌਂਸਲ ਦੀ ਸੀਈਓ, ਡੀਐਨ ਬ੍ਰਿਸਬੋਏ ਨੇ ਕਿਹਾ, ਲੋਕ ਸੈਲਫ ਚੈਕਆਉਟ ਨੂੰ ਪਸੰਦ ਕਰਦੇ ਹਨ, ਪਰ ਉਸੇ ਸਮੇਂ, ਜੇਕਰ ਕੋਈ ਕੰਟਰੋਲ ਨਹੀਂ ਹੈ, ਤਾਂ ਅਸੀਂ ਦੇਖਿਆ ਹੈ ਕਿ ਚੋਰੀ ਵਧ ਗਈ ਹੈ

ਉਹਨਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਕੁਝ ਚੋਰ ਸੰਗਠਿਤ ਚੋਰ ਗੈਂਗਾਂ ਦੇ ਮੈਂਬਰ ਹਨ ਹਨ ਜੋ ਮਹਿੰਗੀਆਂ ਚੀਜ਼ਾਂ ਨੂੰ ਸਕੈਨ ਕਰਨ ਵਿੱਚ ਅਣਗਹਿਲੀ ਕਰਦੇ ਹਨ।

ਦੋ ਹਫ਼ਤੇ ਪਹਿਲਾਂ ਓਨਟੇਰਿਓ ਦੇ ਸਟ੍ਰੈਟਫ਼ਰਡ ਵਿਚ ਸਥੀਤ ਜਾਇੰਟ ਟਾਈਗਰ ਦੇ ਫ਼੍ਰੈਂਚਾਈਜ਼ ਮਾਲਕ ਸਕੌਟ ਸੈਵੇਜ ਨੇ ਆਪਣੇ ਸਟੋਰ ਤੋਂ ਸੈਲਫ਼-ਚੈੱਕਆਊਟ ਨੂੰ ਹਟਾ ਦਿੱਤਾ ਹੈ।

ਦੋ ਹਫ਼ਤੇ ਪਹਿਲਾਂ ਓਨਟੇਰਿਓ ਦੇ ਸਟ੍ਰੈਟਫ਼ਰਡ ਵਿਚ ਸਥੀਤ ਜਾਇੰਟ ਟਾਈਗਰ ਦੇ ਫ਼੍ਰੈਂਚਾਈਜ਼ ਮਾਲਕ ਸਕੌਟ ਸੈਵੇਜ ਨੇ ਆਪਣੇ ਸਟੋਰ ਤੋਂ ਸੈਲਫ਼-ਚੈੱਕਆਊਟ ਨੂੰ ਹਟਾ ਦਿੱਤਾ ਹੈ।

ਤਸਵੀਰ:  (Jon Castell/CBC)

ਸਮਾਨ ਦਾ ਗਾਇਬ ਹੋਣਾ

ਇਸ ਮਹੀਨੇ ਦੇ ਸ਼ੁਰੂ ਵਿੱਚ, ਸੀਬੀਸੀ ਨਿਊਜ਼ ਨੇ ਵਾਲਮਾਰਟ ਨੂੰ ਪੁੱਛਿਆ ਸੀ ਕਿ ਕੀ ਚੋਰੀ ਕੁਝ ਸਟੋਰਾਂ ਤੋਂ ਸੈਲਫ਼-ਚੈੱਕਆਊਟ ਨੂੰ ਹਟਾਉਣ ਦਾ ਕਾਰਨ ਸੀ। ਬੁਲਾਰੇ ਨੇ ਕਿਹਾ ਕਿ ਕੰਪਨੀ ਕਈ ਕਾਰਕਾਂ 'ਤੇ ਗ਼ੌਰ ਕਰਦੀ ਹੈ।

ਪਰ ਪਿਛਲੇ ਹਫ਼ਤੇ ਏਬੀਸੀ ਦੇ ਗੁੱਡ ਮਾਰਨਿੰਗ ਅਮਰੀਕਾ ਨਾਲ ਇੱਕ ਇੰਟਰਵਿਊ ਵਿੱਚ, ਯੂਐਸ ਵਾਲਮਾਰਟ ਦੇ ਸੀਈਓ ਨੇ ਮੰਨਿਆ ਕਿ ਕੰਪਨੀ ਨੇ ਗਾਇਬ ਹੋਣ ਵਾਲੀਆਂ ਵਸਤੂਆਂ (ਜਿਸ ਨੂੰ ਉਦਯੋਗ ਵਿੱਚ shrinkage ਵਜੋਂ ਜਾਣਿਆ ਜਾਂਦਾ ਹੈ) ਦੀਆਂ ਉੱਚੀਆਂ ਦਰਾਂ ਵਾਲੇ ਸਟੋਰਾਂ ਤੋਂ ਮਸ਼ੀਨਾਂ ਨੂੰ ਹਟਾ ਦਿੱਤਾ ਹੈ।

ਅਮਰੀਕਾ ਦੇ ਕੁਝ ਹੋਰ ਵੱਡੇ ਸਟੋਰਾਂ ਜਿਵੇਂ ਡੌਲਰ ਜਨਰਲ ਅਤੇ ਫ਼ਾਈਵ ਬਿਲੋਅ ਨੇ ਵੀ ਹਾਲ ਹੀ ਵਿਚ ਸੈਲਫ਼-ਚੈੱਕਆਊਟ ਮਸ਼ੀਨਾਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਇਹਨਾਂ ਸਟੋਰਾਂ ਵਿਚ ਸਮਾਨ ਦੇ ਗਾਇਬ ਹੋਣ ਦੀ ਦਰ ਸਭ ਤੋਂ ਵੱਧ ਹੈ।

ਡੌਲਰ ਜਨਰਲ ਦੇ ਸੀਈਓ ਟੌਡ ਵੈਸੋਜ਼ ਅਨੁਸਾਰ ਕੰਪਨੀ 300 ਸਟੋਰਾਂ ਤੋਂ ਸੈਲਫ਼-ਚੈੱਕਆਊਟ ਹਟਾ ਰਹੀ ਹੈ ਅਤੇ ਹਜ਼ਾਰਾਂ ਸਟੋਰਾਂ ਵਿਚ ਸੈਲਫ਼-ਚੈੱਕਾਊਟ ਮਸ਼ੀਨਾਂ ਵਿਚ ਕਟੌਤੀ ਕਰ ਰਹੀ ਹੈ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਸੈਲਫ਼-ਚੈੱਕਆਊਟ ਮਸ਼ੀਨਾਂ ਨੌਕਰੀਆਂ ਲਈ ਵੀ ਖ਼ਤਰਾ ਹਨ ਇਸ ਕਰਕੇ ਇਹਨਾਂ ਦੀ ਅਣਹੋਂਦ ਦੀ ਬਿਹਤਰ ਹੈ।

ਕੁਝ ਗਾਹਕ ਮਨੁੱਖੀ ਸੰਪਰਕ ਨੂੰ ਜ਼ਿਆਦਾ ਬਿਹਤਰ ਮੰਨਦੇ ਹਨ।

ਇੱਕ ਗਾਹਕ, ਐਂਜਲਾ ਵੈਬਰ ਨੇ ਕਿਹਾ, ਤੁਸੀਂ ਕਿਸੇ ਮਸ਼ੀਨ ਨੂੰ ਨਹੀਂ ਕਹਿ ਸਕਦੇ - ਹੈਵ ਏ ਗੁੱਡ ਡੇਅ

ਸੋਫੀਆ ਹੈਰਿਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ